Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, August 16, 2012

**ਕਈ ਵਾਰ ਖੋਏ ਹੋਏ ਇਨਸਾਨ ਜਿੰਦਗੀ ਦੁਬਾਰਾ ਲਭ ਲੈਂਦੀ ਆ**

ਕਈ ਵਾਰ ਖੋਏ ਹੋਏ ਇਨਸਾਨ ਜਿੰਦਗੀ ਦੁਬਾਰਾ ਲਭ ਲੈਂਦੀ ਆ

ਕਿੰਨੇ ਸਾਲ ਪੁਰਾਣੀ ਗੱਲ ਏ, ਜਦੋਂ ਸੱਜਰੀ ਸਵੇਰ ਹੋਣੀ, ਬਾਪੁ ਨਾਲ ਖੇਤਾਂ ਵਿਚੋਂ ਹਰਾ ਵੱਡ ਕੇ ਲੈ ਕੇ ਆਓਣਾ। ਫਿਰ ਨਹਾ ਧੋ ਕੇ ਸੋਹਣੀ ਜਹੀ ਪੱਗ ਬੰਨ ਕੇ ਕਾਲਜ ਨੂੰ ਚਲੇ ਜਾਣਾ। ਕਾਲਜ ਨੂੰ ਜਾਂਦੇ ਹੋਏ ਰਸਤੇ ਵਿਚ ਇੱਕ ਨਿੱਕਾ ਜਿਹਾ ਪਿੰਡ ਆਉਂਦਾ ਸੀ। ਉਸ ਪਿੰਡ ਦੇ ਇੱਕ ਮੋੜ ਤੇ ਇੱਕ ਨਿੱਕਾ ਜਿਹਾ ਘਰ ਸੀ। ਉਸ ਘਰ ਦੇ ਦਰਵਾਜੇ ਅੱਗੇ ਸਵਾਰੀਆਂ ਨੂੰ ਚੁੱਕਣ ਤੇ ਲਾਹੁਣ ਲਈ ਸਾਡੀ ਬੱਸ ਖੜਦੀ ਸੀ। ਇੱਕ ਦਿਨ ਦੀ ਗੱਲ ਹੈ ਕਿ ਉਸ ਦਿਨ ਸਾਡੀ ਬੱਸ ਵਿਚ ਇੱਕ ਕੁੜੀ ਆਪਣੀ ਮਾ ਨਾਲ ਚੜੀ। ਮੇਰੇ ਵੱਲ ਸਾਰੀ ਵਾਟ ਬੜੇ ਅਜੀਬ ਤਰੀਕੇ ਨਾਲ ਦੇਖਦੀ ਰਹੀ ਤੇ ਆਪਣਾ ਅੱਡਾ ਆਉਣ ਤੇ ਉੱਤਰ ਕੇ ਚਲੀ ਗਈ। ਪਤਾ ਨਹੀਂ ਉਸ ਕਮਲੀ ਨੂੰ ਕੀ ਹੋਇਆ, ਜਦੋਂ ਰੋਜ ਸਾਡੀ ਬੱਸ ਆਉਣੀ, ਉਸ ਵਕਤ ਉਹ ਆਪਣੇ ਦਰਵਾਜੇ ਅੱਗੇ ਖੜਨ ਲੱਗ ਪਈ। ਮੈਨੂੰ ਸੀਟ ਤੇ ਬੈਠੇ ਨੂੰ ਹਰ ਰੋਜ ਵੇਖਣਾ ਤੇ ਮੁਸਕਰਾ ਕੇ ਅੰਦਰ ਵੜ ਜਾਣਾ। ਸਮਾਂ ਗੁਜਰਦਾ ਗਿਆ, ਉਹ ਹਮੇਸ਼ਾ ਹੀ ਰੋਜ ਵਾਂਗ ਖੜਦੀ ਰਹੀ। ਜਿਸ ਦਿਨ ਉਹਨੇ ਓਥੇ ਨਾਂ ਹੋਣਾ, ਮੈਨੂੰ ਬੜਾ ਅਜੀਬ ਮਹਿਸੂਸ ਹੋਣਾ। ਉਸ ਕੁੜੀ ਦਾ ਭੋਲਾ ਚਿਹਰਾ, ਸਾਦੇ ਕੱਪੜੇ ਤੇ ਚਿਹਰੇ ਦੀ ਗਰੀਬੀ ਮੈਨੂੰ ਆਪਣੇ ਵਰਗੀ ਲਗਦੀ ਸੀ। ਇੱਕ ਦਿਨ ਸਾਡੀ ਬੱਸ ਨੇ ਆਉਣਾ ਨਹੀ ਸੀ ਤਾਂ ਮੈਨੂੰ ਕਾਲਜ ਸਾਇਕਲ ਤੇ ਜਾਣਾ ਪਿਆ। ਮੇਰਾ ਦਿਲ ਕੀਤਾ ਕਿ ਮੈਂ ਬੱਸ ਦੇ ਟਾਈਮ ਹੀ ਜਾਵਾਂ। ਜਦੋਂ ਮੈ ਲੰਘਿਆ, ਉਹ ਵਿਹੜੇ ਵਿਚ ਝਾੜੂ ਲਗਾ ਰਹੀ ਸੀ। ਮੈਨੂੰ ਦੇਖ ਕੇ ਏਦਾਂ ਹੱਸੀ ਕਿ ਕਮਲੀ ਨੇ ਮੇਰੀ ਜਾਨ ਹੀ ਕੱਡ ਦਿੱਤੀ। ਸਾਉਣ ਦਾ ਮਹੀਨਾ ਸੀ, ਸਿਖਰ ਦੁਪਿਹਰ ਸੀ, ਧੁੱਪ ਵੀ ਖਾਣ ਨੂੰ ਆਉਂਦੀ ਸੀ, ਅੰਤਾਂ ਦੀ ਗਰਮੀ ਸੀ, ਤੇ ਮੈਂ ਕਾਲਜ ਤੋਂ ਘਰ ਨੂੰ ਵਾਪਿਸ ਜਾ ਰਿਹਾ ਸੀ। ਜਦੋਂ ਉਸ ਦੇ ਦਰਵਾਜੇ ਕੋਲੋਂ ਲੰਘਿਆ ਤਾਂ ਮੈਨੂੰ ਦਿਸੀ ਨਹੀਂ। ਮੇਰੇ ਥੋੜਾ ਅੱਗੇ ਲੰਘਣ ਤੇ ਆਵਾਜ ਆਈ ਕਿ ਅੱਜ ਬਹੁਤ ਗਰਮੀ ਹੈ ਪਾਣੀ ਪੀ ਕੇ ਜਾਇਓ। ਉਸ ਕਮਲੀ ਦੇ ਹਥ ਵਿਚ ਪਾਣੀ ਦਾ ਗਿਲਾਸ ਸੀ। ਮੈਂ ਪਾਣੀ ਤਾਂ ਕੀ ਪੀਣਾ ਸੀ, ਮੇਰਾ ਉਸ ਦੀ ਆਵਾਜ ਸੁਣ ਕੇ ਹੀ ਦਿਲ ਭਰ ਗਿਆ। ਜਿਸ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਸੀ, ਉਹਨੂੰ ਮੇਰਾ ਕਿੰਨਾ ਫਿਕਰ ਹੈ, ਬੱਸ ਏਹੋ ਸੋਚਦਾ ਸੋਚਦਾ ਮੈ ਘਰ ਆ ਗਿਆ। ਉਸ ਤੋਂ ਕੁਝ ਸਮੇ ਬਾਅਦ ਮੈਨੂੰ ਉਹ ਕਾਲਜ ਛੱਡਣਾ ਪਿਆ ਤੇ ਮੈਂ ਚੰਡੀਗੜ ਪੜਨ ਲੱਗ ਪਿਆ। ਉਸ ਕੁੜੀ ਨੂੰ ਵੇਖਣਾ ਤਾਂ ਕੀ ਸੀ, ਉਹਦੇ ਪਿੰਡ ਵਿਚੋਂ ਵੀ ਸਬਬ ਨਾਲ ਕਦੇ ਲੰਘ ਨਾ ਹੋਇਆ। ਹੋਲੀ ਹੋਲੀ ਕਰਮਾਂ ਦਾ ਗੇੜ ਮੈਨੂੰ ਪ੍ਰਦੇਸਾਂ ਵਿਚ ਲੈ ਆਇਆ। ਇੱਕ ਵਾਰ ਮੈਂ ਅਮਰੀਕਾ ਤੋਂ ਇੰਡੀਆ ਜਾ ਰਿਹਾ ਸੀ ਤੇ ਸਿੰਘਾਪੁਰ ਜਹਾਜ ਬਦਲਣਾ ਸੀ। ਉਸ ਤੋਂ ਦੂਜੇ ਦਿਨ ਹੀ ਮੇਰਾ ਪੰਜਾਬ ਵਿਚ ਸ਼ੋ ਸੀ। ਸਾਡਾ ਅਮਰੀਕਾ ਵਾਲਾ ਜਹਾਜ ਸਿੰਘਾਪੁਰ ਲੇਟ ਪਹੁੰਚਿਆ ਤੇ ਉਥੋਂ ਦਿੱਲੀ ਜਾਣ ਵਾਲਾ ਜਹਾਜ ਲੰਘ ਚੁੱਕਾ ਸੀ। ਜਹਾਜ ਵਾਲੇ ਕਹਿੰਦੇ ਕਿ ਦਿੱਲੀ ਜਾਣ ਵਾਲੀ ਫ੍ਲਾਇਟ ਕੱਲ ਨੂੰ ਮਿਲੇਗੀ ਤੇ ਅੱਜ ਤੁਸੀਂ ਸਭ ਮੋਟਲ ਵਿਚ ਰੁਕੋ। ਮੈ ਆਪਣੇ ਪ੍ਰੋਗ੍ਰਾਮ ਵਾਰੇ ਦੱਸ ਕੇ ਮਦਦ ਮੰਗੀ। ਉਹਨਾ ਨੇ ਮੈਨੂੰ ਸਿੰਘਾਪੁਰ ਤੋ ਬੰਬਈ ਤੇ ਫਿਰ ਉਥੋ ਦਿੱਲੀ ਵਾਲੇ ਜਹਾਜ ਵਿਚ ਇੰਤਜਾਮ ਕਰ ਦਿੱਤਾ। ਜਦੋਂ ਬੰਬਈ ਤੋਂ ਦਿੱਲੀ ਜੈਟ ਏਅਰਲਾਇਨ  ਰਾਹੀਂ ਗਿਆ ਤਾਂ, ਉਹ ਕੁੜੀ ਕਿੰਨੇ ਸਾਲਾਂ ਬਾਅਦ ਏਅਰਹੋਸਟੈਸ ਦੇ ਰੂਪ ਵਿਚ ਮੈਨੂੰ ਮਿਲੀ। ਉਸਨੇ ਮੈਨੂੰ ਪਹਿਚਾਣ ਲਿਆ ਤੇ ਮਿਠੀ ਆਵਾਜ ਵਿਚ ਬੋਲੀ ਕਿ ਤੁਸੀਂ ਗੁਰਮਿੰਦਰ ਹੋ । ਉਸ ਕੋਲ ਮੇਰੀ ਇੱਕ ਇੱਕ ਜਾਣਕਾਰੀ ਸੀ, ਉਹ ਇਹ ਵੀ ਜਾਣਦੀ ਸੀ ਕਿ ਮੈਂ ਹੁਣ ਗਾਉਂਦਾ ਹਾਂ। ਉਹਦਾ ਉਹੋ ਭੋਲਾ ਚਿਹਰਾ ਤੇ ਮਿਠੀ ਆਵਾਜ ਮੈਨੂੰ ਕਿੰਨੇ ਸਾਲ ਪਿਛੇ ਲਈ ਗਈ। ਜਦੋਂ ਉਹਨੇ ਮੈਨੂੰ ਪਾਣੀ ਲਈ ਆਵਾਜ ਮਾਰੀ ਸੀ। ਉਹਦਾ ਰੋਜ ਆਪਣੇ ਦਰਵਾਜੇ ਮੂਹਰੇ ਖੜਨਾ, ਝਾੜੂ ਲਾਉਂਦੀ ਨੇ ਵੇਖਣਾ, ਉਹ ਸਭ ਕੁਝ ਮੇਰੀਆਂ ਅਖਾਂ ਅੱਗੋਂ ਲੰਘਣ ਲੱਗਾ। ਤੇ ਬੱਸ ਦਿਲ ਖੁਸ਼ੀ ਨਾਲ ਝੂਮ ਉਠਿਆ। ਫਿਰ ਇੱਕ ਦਮ ਖਿਆਲ ਆਇਆ ਕਿ ਉਹ ਤਾਂ ਕਿਸੇ ਘਰ ਦੀ ਨੂਹ ਤੇ ਕਿਸੇ ਬਚੇ ਦੀ ਮਾਂ ਹੋਵੇਗੀ। ਤੇ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਕਿ ਹੁਣ ਉਸਦੇ ਦਿਲ ਵਿਚ ਗੁਰੀ ਲਈ ਥਾਂ ਹੋਣੀ ਆ ਕਿ ਨਹੀਂ। ਕਿੰਨਾ ਅਜੀਬ ਕ੍ਰਿਸ਼ਮਾ ਸੀ ਮੇਰੇ ਜਹਾਜ ਦੇ ਜਲਦੀ ਚਲੇ ਜਾਣ ਦਾ। ਜੇ ਮੇਰਾ ਜਹਾਜ ਨਾ ਖੁੰਝਿਆ ਹੁੰਦਾ ਤਾਂ ਸਾਡੇ ਮੇਲ ਦੁਬਾਰਾ ਕਦੇ ਨਹੀਂ ਹੋਣੇ ਸੀ।

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

No comments:

Post a Comment